ਸਰਵੋਤਮ ਖਿਡਾਰੀ ਹੋਏ ਵਿਸ਼ਾਲ ਕੰਪਨੀ ਦੇ ਸਾਈਕਲਾਂ ਨਾਲ ਸਨਮਾਨਿਤ
ਜੇਤੂ ਟੀਮਾਂ ਨੂੰ ਵਿਧਾਇਕ ਦਿਆਲਪੁਰਾ, ਮੁੰਡੀਆਂ ਅਤੇ ਸੰਗੋਵਾਲ ਨੇ ਇਨਾਮ ਵੰਡੇ
ਲੁਧਿਆਣਾ 10 ਮਾਰਚ ( ਪਬਲਿਕ ਟਾਈਮਜ਼ )ਪਿੰਡ ਸੰਗੋਵਾਲ ਵਿਖੇ ਐਨਆਰਆਈ ਵੀਰਾਂ ਗ੍ਰਾਮ ਪੰਚਾਇਤ ਅਤੇ ਸੰਗੋਵਾਲ ਸਪੋਰਟਸ ਕਲੱਬ ਵੱਲੋਂ ਸਾਂਝੇ ਤੌਰ ਤੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਸਰਪ੍ਰਸਤੀ ਹੇਠ ਦੂਸਰਾ ਕਬੱਡੀ ਕੱਪ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਭਰ ਵਿੱਚੋਂ ਕਬੱਡੀ 75 ਕਿਲੋ ਅਤੇ ਕਬੱਡੀ 65 ਕਿਲੋ ਦੀਆਂ 50 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ। ਅਖੀਰ ਕਬੱਡੀ 75 ਕਿਲੋ ਦੇ ਵਰਗ ਵਿੱਚ ਜਿਉਂਦ ( ਬਠਿੰਡਾ ) ਨੇ ਰਾਮਪੁਰਾ ਨੂੰ 18- 12 ਅੰਕਾ ਨਾਲ ਹਰਾ ਕੇ ਸੰਗੋਵਾਲ ਦਾ ਦੂਸਰਾ ਕਬੱਡੀ ਕੱਪ ਜਿੱਤਿਆ ਜਦ ਕਿ ਕਬੱਡੀ 65 ਕਿਲੋ ਵਰਗ ਵਿੱਚ ਬੁਆਣੀ ਨੇ ਸੇਰੋਂ ਨੂੰ 18 -14 ਨਾਲ ਹਰਾ ਕੇ ਦਲੀਪ ਸਿੰਘ ਯਾਦਗਾਰੀ ਟਰਾਫੀ ਦੀ ਖਿਤਾਬੀ ਜਿੱਤ ਹਾਸਲ ਕੀਤੀ ।
ਅੱਜ ਸਵੇਰੇ ਇਸ ਸੰਗੋਵਾਲ ਕਬੱਡੀ ਕੱਪ ਦਾ ਉਦਘਾਟਨ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕੀਤਾ । ਇਸ ਮੌਕੇ ਉਹਨਾਂ ਨੇ ਉਦਘਾਟਨੀ ਮੈਚ ਦੀਆਂ ਟੀਮਾਂ ਦੇ ਨਾਲ ਜਿੱਥੇ ਜਾਣ ਪਹਿਚਾਣ ਕੀਤੀ ਉੱਥੇ ਗੁਬਾਰੇ ਛੱਡ ਕੇ ਟੂਰਨਾਮੈਂਟ ਦਾ ਆਗਾਜ਼ ਕੀਤਾ। ਉਸ ਤੋਂ ਬਾਅਦ ਲਗਾਤਾਰ ਕਬੱਡੀ ਮੁਕਾਬਲਿਆਂ ਦਾ ਦੌਰ ਚੱਲਿਆ ਅਖੀਰ ਟੂਰਨਾਮੈਂਟ ਦੇ ਸਰਵੋਤਮ ਖਿਡਾਰੀਆਂ ਅਤੇ ਸਿੱਖਿਆ ਦੇ ਖੇਤਰ ਵਿੱਚ ਵਧੀਆ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਵਿਸ਼ਾਲ ਸਾਈਕਲ ਕੰਪਨੀ ਦੇ ਸੀਨੀਅਰ ਮੈਨੇਜਰ ਸ੍ਰੀ ਅਸ਼ੋਕ ਬਾਵਾ ਅਤੇ ਜਸਵੀਰ ਸਿੰਘ ਸੈਣੀ ਨੇ 20 ਵਿਸ਼ਾਲ ਕੰਪਨੀ ਦੇ ਸਾਈਕਲ ਦੇਕੇ ਸਨਮਾਨਿਤ ਕੀਤਾ ਅਤੇ ਅਸ਼ੋਕ ਬਾਵਾ ਨੇ 65 ਕਿਲੋ ਫਾਈਨਲ ਮੈਚ ਦੀਆਂ ਟੀਮਾਂ ਦੇ ਨਾਲ ਜਾਣ ਪਹਿਚਾਣ ਵੀ ਕੀਤੀ, ਪ੍ਰਬੰਧਕਾਂ ਨੇ ਸ੍ਰੀ ਅਸ਼ੋਕ ਬਾਵਾ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਜਦ ਕਿ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆ ਅਤੇ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਸਾਂਝੇ ਤੌਰ ਤੇ ਕੀਤੀ । ਇਸ ਮੌਕੇ ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਸਾਰੇ ਆਏ ਖਿਡਾਰੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸੇ ਵਰੇ ਵਿੱਚ ਹਲਕਾ ਗਿੱਲ ਦੀਆਂ ਦੇ ਸਕੂਲਾਂ ਦੀਆਂ ਖੇਡਾਂ ਵੱਡੇ ਪੱਧਰ ਤੇ ਸ਼ੁਰੂ ਕੀਤੀਆਂ ਜਾਣਗੀਆਂ ਜੋ ਕਿ ਚਾਰ ਪੜਾਵਾਂ ਵਿੱਚ ਹੋਣਗੀਆਂ । ਵਿਧਾਇਕ ਦਿਆਲਪੁਰਾ ਅਤੇ ਮੁੰਡੀਆਂ ਨੇ ਆਖਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ
ਅਗਵਾਈ ਹੇਠ ਖੇਡਾਂ ਦੇ ਬੇਹਤਰੀ ਲਈ ਵੱਡੇ ਉਪਰਾਲੇ ਕਰ ਰਹੀ ਹੈ । ਇਸ ਮੌਕੇ ਜਥੇਦਾਰ ਗੁਰਮੇਲ ਸਿੰਘ ਸੰਗੋਵਾਲ ,ਪਰਮਜੀਤ ਸਿੰਘ ਗਿੱਲ ਸਾਬਕਾ ਸਰਪੰਚ ,ਜਗਰੂਪ ਸਿੰਘ ਜਰਖੜ ਖੇਡ ਪ੍ਰਮੋਟਰ , ਗੁਰਜੀਤ ਸਿੰਘ ਗਿੱਲ ਡਾਇਰੈਕਟਰ ਗਲਮਾਡਾ ਚੰਡੀਗੜ੍ਹ, ਮਨਮੋਹਨ ਸਿੰਘ ਪੱਪੂ ਕਾਲ਼ਖ, ਚਰਨਜੀਤ ਸਿੰਘ ਬਲਾਰਾ , ਮਨਜੀਤ ਸਿੰਘ ਬੁਟਹਾਰੀ, ਗੁਰਮੀਤ ਸਿੰਘ ਮੰਤਰੀ , ਜਸਵਿੰਦਰ ਸਿੰਘ ਜੱਸੀ ਪੀਏ ,ਦਵਿੰਦਰ ਪਾਲ ਸਿੰਘ ਲਾਡੀ , ਰਵੀ ਝਮਟ ,ਜਤਿੰਦਰ ਪਾਲ ਸਿੰਘ ਮਜੀਠੀਆ ਸੰਗੋਵਾਲ , ਸੋਨੀ ਗਿੱਲ , ਸਾਬੀ ਜਰਖੜ ,ਕਮਲਜੀਤ ਸਿੰਘ ਜਸਪਾਲਬਾਂਗਰ , ਗਿਆਨ ਸਿੰਘ ਕਾਲੜਾ , ਐਡਵੋਕੇਟ ਮਨਜੀਤ ਕੌਰ ਲੁਧਿਆਣਾ ਕੁਲਦੀਪ ਸਿੰਘ ਘਵੱਦੀ ਤੋਂ ਇਲਾਵਾ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸੰਗੋਲ ਸਪੋਰਟਸ ਕਲੱਬ ਦੇ ਪ੍ਰਮੁੱਖ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ । ਅੰਤ ਵਿੱਚ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਟੂਰਨਾਮੈਂਟ ਦੇ ਕਾਮਯਾਬੀ ਲਈ ਸਹਿਯੋਗ ਦੇਣ ਵਾਲੇ ਸਾਰੇ ਸੱਜਣਾਂ ਦਾ ਕੋਟ ਕੋਟ ਧੰਨਵਾਦ ਕੀਤਾ ।