ਆਲਮਗੀਰ 4 ਮਾਰਚ (ਪਬਲਿਕ ਟਾਈਮਜ਼ ) ਪੰਜਾਬ ਦੀ ਵਿਧਾਨ ਸਭਾ ਅੰਦਰ ਐਸਾ ਮਾੜਾ ਸਮਾਂ ਵੀ ਆਵੇਗਾ ਇਹ ਕਦੇ ਕਿਸੇ ਨੇ ਸੋਚਿਆ ਵੀ ਨਹੀ ਹੋਵੇਗਾ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਗਿੱਲ ਦੇ ਸਾਬਕਾ ਐਮ ਐਲ ਏ ਅਤੇ ਕਾਂਗਰਸ ਐਸ ਸੀ ਵਿੰਗ ਦੇ ਪੰਜਾਬ ਚੇਅਰਮੈਨ ਕੁਲਦੀਪ ਸਿੰਘ ਵੈਦ ਨੇ ਪੱਤਰਕਾਰ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਧਾਨ ਸਭਾ ਅੰਦਰ ਚੱਲ ਰਹੇ ਸੈਸ਼ਨ ਦੌਰਾਨ ਸੂਬਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ੁਰੂ ਤੋਂ ਹੀ ਵਿਰੋਧੀ ਧਿਰ ਨਾਲ ਪੁਰਾਣਾਂ ਵੈਰ ਖੱਟਣ ਦੇ ਇਰਾਦੇ ਨਾਲ ਆਏ ਜਾਪਦੇ ਸਨ। ਕਾਂਗਰਸ ਪਾਰਟੀ ਦੇ ਆਦਮਪੁਰ ਤੋਂ ਵਿਧਾਇਕ ਸ਼੍ਰੀ ਸੁਖਵਿੰਦਰ ਸਿੰਘ ਕੋਟਲੀ ਨੇ ਜਦੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦਾ ਵਾਇਦਾ ਯਾਦ ਕਰਾਉਂਦਿਆ ਕਿਹਾ ਕਿ ਤੁਸੀਂ ਸੱਤਾ ਵਿਚ ਆਉਣ ਤੋਂ ਪਹਿਲਾਂ ਦਲਿਤ ਭਾਈਚਾਰੇ ਵਿੱਚੋਂ ਉਪ ਮੁੱਖ ਮੰਤਰੀ ਬਣਾਉਣ ਦਾ ਵਾਇਦਾ ਕੀਤਾ ਸੀ ਪਰੰਤੂ ਸੱਤਾ ਵਿੱਚ ਆਉਣ ਤੋਂ ਬਾਅਦ ਹੁਣ ਤੁਸੀਂ ਭੁੱਲ ਚੁੱਕੇ ਹੋ ਇਸ ਉੱਤੇ ਉਨ੍ਹਾਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਮਾੜੀ ਸ਼ਬਦਾਵਲੀ ਵਰਤਦਿਆਂ ਕਿਹਾ ਕਿ “ਇਸ ਨੂੰ ਦੌਰਾ ਪੈਂਦਾ, ਇਸ ਨੂੰ ਜੁੱਤੀ ਸੰਘਾਓ” ਜਿਸ ਦੀ ਕੇ ਡੀ ਵੈਦ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਸਿਰ ਉੱਤੇ ਸੱਤਾ ਦਾ ਨਸ਼ਾ ਸਵਾਰ ਹੋ ਗਿਆ ਹੈ, ਉਹ ਵਿਧਾਨ ਸਭਾ ਦੀ ਪਰਮਪਰਾ ਨੂੰ ਭੁੱਲ ਚੁੱਕੇ ਹਨ। ਕੇ ਡੀ ਵੈਦ ਨੇ ਆਪ ਪਾਰਟੀ ਨੂੰ ਵਾਇਦਾ ਖਿਲਾਫੀ ਵਾਲੀ ਸਰਕਾਰ ਕਿਹਾ ਅਤੇ ਭਗਵੰਤ ਮਾਨ ਵੱਲੋਂ ਵਰਤੀ ਗਈ ਇਸ ਮਾੜੀ ਸ਼ਬਦਾਵਲੀ ਲਈ ਦਲਿਤ ਭਾਈਚਾਰੇ ਤੋਂ ਮੁਆਫੀ ਮੰਗਣ ਲਈ ਕਿਹਾ। ਕੇ ਡੀ ਵੈਦ ਨੇ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਇਹ ਪਾਰਟੀ ਸਿਰਫ ਆਪਣਾਂ ਉੱਲੂ ਸਿੱਧਾ ਕਰਨ ਲਈ ਝੂਠੇ ਵਾਅਦਿਆਂ ਦਾ ਸਹਾਰਾ ਲੈ ਕੇ ਪੰਜਾਬ ਵਿੱਚ ਆਈ, ਪਰੰਤੂ ਹੁਣ ਲੋਕਾਂ ਨੂੰ ਇਨ੍ਹਾਂ ਦਾ ਅਸਲੀ ਚਹਿਰਾ ਚੰਗੇ ਤਰੀਕੇ ਦਿਖਾਈ ਦੇ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਕੀਤੇ ਝੂਠੇ ਲਾਰਿਆਂ ਦਾ ਜਵਾਬ ਪੰਜਾਬ ਦੇ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੋਰਾਨ ਦੇਣਗੇ ।